Sunday 21 August 2016

ਪੰਜਾਬ ਵਿੱਚ ਪੱਛਮੀ ਸੱਭਿਅਤਾ !!

ਪੰਜਾਬ ਦੀਅਾਂ ਜੜਾਂ ਵਿੱਚ ਬੈਠ ਚੁੱਕੇ ੲਿਸ ਪੱਛਮੀ ਸੱਭਿਅਤਾ ਦੇ ਕੀੜੇ ਨੂੰ ਹੁਣ ਕੱਢਿਅਾ ਤਾਂ ਨਹੀ ਜਾ ਸਕਦਾ ਪਰ ਮੇਰੇ ਵਾਂਗ ਸੋਸ਼ਲ ਮੀਡੀਆ ਉੱਪਰ ਅੱਜ ਦੇ ਪੰਜਾਬ ਦੇ ਹਾਲਾਤ ਬਾਰੇ ਲਿਖ ਲਿਖ ਕੇ ਆਪਣੀ ਮੂਰਖਤਾ ਜਰੂਰ ਪੇਸ਼ ਕੀਤੀ ਜਾ ਸਕਦੀ ਹੈ । "ਸਭ ਦੀ ਆਪੋ ਆਪਣੀ ਸੋਚ ਹੈ , ਆਪੋ ਆਪਣੀ ਜ਼ਿੰਦਗੀ ਹੈ " ਬੱਸ ਇਹੀ ਕੁਛ ਕਹਿਣ ਲਈ ਤਾਂ ਰਹਿ ਗਿਆ ਹੈ ਸਾਡੇ ਕੋਲ । ਜੇ ਕੋਈ ਸਮਝਾਵੇ ਤਾਂ ਇਦਾਂ ਦੇ ਜਵਾਬ ਅਕਸਰ ਮਿਲ ਜਾਂਦੇ ਜਾਂ ਫਿਰ ਇਹ ਕਹਿ ਦਿੱਤਾ ਜਾਂਦਾ ਕਿ ਮਾਡਰਨ ਜਮਾਨੇ ਦੇ ਨਾਲ ਚੱਲਣਾ ਸਿਖੋ । ਕਿਉਂਕਿ ਅੱਜ ਕਲ ਸਭ ਮਾਡਰਨ ਹੋ ਚੁੱਕਾ ਹੈ । ਪਰ ਜੇ ਮਾਡਰਨ ਹੋ ਹੀ ਚੁੱਕਾ ਹੈ ਤਾਂ ਇਹਦਾ ਮਤਲਬ ਇਹ ਨਹੀ ਕਿ ਹੁਣ ਆਪਾ ਆਪਣੀ ਭਾਸ਼ਾ , ਆਪਣਾ ਪਹਿਰਾਵਾ ਛੱਡ ਕੇ ਮਾਡਰਨ ਭਾਸ਼ਾ ਅਤੇ ਪਹਿਰਾਵੇ ਨੂੰ ਹੀ ਆਪਣੀ ਜ਼ਿੰਦਗੀ ਦਾ ਅਧਾਰ ਬਣਾ ਲਈਏ । ਅੱਜ ਤਾਂ ਇਹੀ ਕੁਝ ਦੇਖਕੇ ਨਹੀ ਰਹਿ ਹੋ ਰਿਹਾ , ਕਲ ਕਿਤੇ ਕੁਝ ਵਖਰਾ ਹੀ ਦੇਖਣ ਨੂੰ ਨਾ ਮਿਲਜੇ । ਦੁਨੀਆ ਰੱਬ ਨਾਲੋ ਵੀ ਅੱਗੇ ਜਾਣ ਨੂੰ ਫਿਰਦੀ ਆ ਮੰਗਲਾ .... ਹਜੇ ਪਤਾ ਨੀ ਕੀ ਕੁਝ ਹੋਣਾ .... ‪#‎Khalsa_Empire

Wednesday 17 August 2016

ਧਰਮ ਕੀ ਹੈ ?

ਧਰਮ ਨੇ ਕਦੀ ਕੁਝ ਗ਼ਲਤ ਨਹੀਂ ਸਿਖਾਇਆ। ਜੇਕਰ ਧਰਮ ਦੀ ਕਿਸੇ ਨੂੰ ਅਸਲੀ ਪਰਿਭਾਸ਼ਾ ਪਤਾ ਹੈ ਤਾਂ ਉਹ ਕਦੇ ਕੁਝ ਗ਼ਲਤ ਕਰੇਗਾ ਹੀ ਨਈ। ਧਰਮ ਦੀ ਵਿਆਖਿਆ ਬਹੁਤੇ ਨਹੀਂ ਪਰ ਸਭ ਆਪਣੇ ਵੱਲੋਂ ਹੀ ਕਰਦੇ ਨੇ ਅਤੇ ਦਾਸ ਨੂੰ ਜੋ ਗੁਰੂ ਗਰੰਥ ਸਾਹਿਬ ਜੀ ਵਿੱਚੋ ਸਿੱਖਣ ਨੂੰ ਮਿਲਿਆ, ਉਸ ਨੂੰ ਹੀ ਸਿਰ ਮੱਥੇ ਪ੍ਰਵਾਨ ਕਰਕੇ ਚੱਲਣ ਦੀ ਸੋਝੀ ਉਸ ਪ੍ਰਮਾਤਮਾ ਪਾਸੋਂ ਮੰਗੀ ਹੈ। ਗੁਰੂ ਗਰੰਥ ਸਾਹਿਬ ਜੀ ਵਿਚ ਧਰਮ ਬਾਰੇ ਲਿਖਿਆ ਹੈ :-
" ਸਰਬ ਧਰਮ ਮਹਿ ਸ੍ਰੇਸਟ ਧਰਮੁ || ਹਰਿ ਕੋ ਨਾਮੁ ਜਪਿ ਨਿਰਮਲ ਕਰਮੁ || "
ਗੁਰੂ ਜੀ ਨੇ ਤਾਂ ਇਹੀ ਸਿਖਾਇਆ ਏ ਕਿ ਸਾਰੇ ਧਰਮਾਂ ਤੋਂ ਉੱਤਮ ਧਰਮ ਉਸ ਪ੍ਰਮਾਤਮਾ ਦਾ ਨਾਮ ਜੱਪਣਾ ਅਤੇ ਚੰਗੇ ਕਰਮ ਕਰਨਾ ਹੀ ਹੈ ਪਰ ਅਸੀਂ ਲੋਕ ਖੁਦ ਹੀ ਸਭ ਨੂੰ ਵੰਡ ਦਿੱਤਾ ਅਤੇ ਗੁਰੂ ਸਾਹਿਬ ਦੀ ਇਕ ਨਹੀਂ ਸੁਣੀ। ਜਿਹਨਾਂ ਦਾ ਅਸੀਂ ਖੁਦ ਨਾਮਕਰਨ ਕਰਦੇ ਹਾਂ ਅਸਲ ਵਿਚ ਉਹ ਕੋਈ ਧਰਮ ਨਹੀਂ ਜਿਵੇਂ ਕਿ ਅੱਜ ਸਿੱਖ ਪੰਥ ਨੂੰ ਸਿੱਖ "ਧਰਮ" ਕਹਿਣ ਲੱਗ ਗਏ ਅਸੀਂ। ਕੋਈ ਮੇਰਾ ਵੀਰ ਭੈਣ ਦਾਸ ਨੂੰ ਦੱਸ ਕੇ ਗਿਆਨ ਵਿਚ ਵਾਧਾ ਕਰੇ ਕਿ ਗੁਰਬਾਣੀ ਵਿਚ ਕਿਥੇ ਲਿਖਿਆ ਕਿ ਸਿੱਖ ਕੋਈ ਧਰਮ ਹੈ ? ਸਿੱਖ ਇਕ ਪੰਥ ਹੈ ਜੋ ਗੁਰੂ ਨਾਨਕ ਸਾਹਿਬ ਜੀ ਨੇ ਚਲਾਇਆ। ਸਿੱਖ ਕਹਿੰਦੇ ਨੇ ਸਿੱਖਣ ਵਾਲੇ ਨੂੰ , ਜਿਵੇਂ ਕਿ ਅਸੀਂ ਸਭ ਸਿਖਿਆਰਥੀ ਹਾਂ ਤੇ ਗੁਰੂ ਹੁੰਦਾ ਹੈ ਸਿਖਾਉਣ ਵਾਲਾ। ਅਸੀਂ ਗੁਰੂ ਗਰੰਥ ਸਾਹਿਬ ਜੀ ਵਿਚ ਜੋ ਲਿਖਿਆ ਹੈ ਉਸ ਦਾ ਜਾਪ ਕਰਕੇ ਇੱਕ ਤਾਂ ਅਸੀਂ ਪ੍ਰਮਾਤਮਾ ਨਾਲ ਜੁੜਦੇ ਹਾਂ ਤੇ ਦੂਸਰਾ , ਜੋ ਅਸੀਂ ਪੜ੍ਹਦੇ ਹਾਂ ਉਸ ਉੱਪਰ ਅਮਲ ਕਰਕੇ ਜੀਵਨ ਉੱਪਰ ਲਾਗੂ ਕਰਦੇ ਹਾਂ। ਜੇਕਰ ਜੀਵਨ ਉੱਪਰ ਲਾਗੂ ਕਰਾਂਗੇ ਤਾਂ ਹੀ ਨਿਰਮਲ ਕਰਮ ਕਰ ਸਕਾਂਗੇ ਨਹੀਂ ਤਾਂ ਬਿਨਾ ਸੋਝੀ ਦੇ ਅਸੀਂ ਕੁਝ ਵੀ ਚੰਗਾ ਨਹੀਂ ਕਰ ਸਕਦੇ। ਸੋਝੀ ਹੋਊਗੀ ਤਾਂ ਫਰਕ ਪਤਾ ਲਗੇਗਾ , ਕੀ ਗ਼ਲਤ ਅਤੇ ਕੀ ਠੀਕ ਹੈ।
ਗੁਰੂ ਗਰੰਥ ਸਾਹਿਬ ਜੀ ਨੇ ਸਾਨੂੰ ਸਭ ਨੂੰ ਬਹੁਤ ਹੀ ਸੌਖੇ ਸ਼ਬਦਾਂ ਵਿਚ ਸਮਝਾਇਆ ਹੈ :-
" ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥ "
ਇਥੇ ਧਰਮ ਕਮਾਉਣ ਦਾ ਮਤਲਬ ਹੈ ਚੰਗੇ ਕਰਮ ਕਰਨੇ , ਸਾਫ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਚੰਗੇ ਕਰਮ ਕਰਨ ਵਾਲੇ ਨੂੰ ਧਰਮੀ ਕਹਿੰਦੇ ਨੇ ਅਤੇ ਜੋ ਪਾਪ ਕਰਦਾ ਹੈ ਉਸਨੂੰ ਪਾਪੀ। ਉਹ ਲੋਕ ਵੀ ਪਾਪੀ ਹੀ ਗਿਣੇ ਜਾਂਦੇ ਨੇ ਜੋ ਸਭ ਦੇ ਸਾਹਮਣੇ ਧਰਮੀ ਹੋਣ ਦਾ ਦਿਖਾਵਾ ਕਰਦੇ ਨੇ ਅਤੇ ਪਿੱਠ ਪਿੱਛੇ ਪਾਪ ਕਮਾਉਂਦੇ ਨੇ। ਕਾਸ਼ ਅਸੀਂ ਗੁਰਬਾਣੀ ਪੜ੍ਹ ਕੇ ਵਿਚਾਰ ਲੈਂਦੇ ਤਾਂ ਅਸੀਂ ਅੱਜ ਇਹ ਨਾ ਕਹਿੰਦੇ ਕਿ ਧਰਮੀ ਲੋਕ ਗ਼ਲਤ ਨੇ ਅਤੇ ਧਰਮ ਲੜਾਈਆਂ ਕਰਵਾਉਂਦਾ ਹੈ ਜਾਂ ਵਖਰੇਵਾਂ ਪੈਦਾ ਕਰਦਾ ਹੈ। ਧਰਮੀ ਇਨਸਾਨ ਕੌਣ ਹੁੰਦਾ ਹੈ ਉਹ ਗੁਰੂ ਸਾਹਿਬ ਨੇ ਸਾਨੂੰ ਦੱਸ ਦਿੱਤਾ ਹੈ।
ਧਰਮ ਨੂੰ ਨਿਯਮ ਵੀ ਕਿਹਾ ਗਿਆ ਹੈ ਜਿਵੇਂ ਇਹ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ , ਇਹ ਸਭ ਧਰਮ (ਨਿਯਮ) ਕਰਕੇ ਹੀ ਚੱਲ ਰਹੀ ਹੈ। ਲੋਕਾਂ ਨੇ ਇਕ ਮਨਘੜਤ ਗੱਲ ਬਣਾਈ ਹੈ ਕਿ ਧਰਤੀ ਨੂੰ ਕਿਸੇ ਬਲਦ ਨੇ ਚੁੱਕਿਆ ਹੋਇਆ ਹੈ ਅਤੇ ਅਸੀਂ ਬਚਪਨ ਤੋਂ ਹੀ ਇਹ ਗੱਲ ਸੁਣਦੇ ਆਏ ਹਾਂ ਕਿ ਜਦੋਂ ਭੁਚਾਲ ਆਉਂਦਾ ਹੈ ਤਾਂ ਬਲਦ ਧਰਤੀ ਨੂੰ ਆਪਣੇ ਦੂਸਰੇ ਸਿੰਗ ਉੱਪਰ ਚੁੱਕਣ ਕਾਰਨ ਆਉਂਦਾ ਹੈ। ਪਰ ਅੱਜ ਸੱਚ ਸਭ ਦੇ ਸਾਹਮਣੇ ਹੈ ਅਤੇ ਇਹੀ ਸੱਚ ਅੱਜ ਤੋਂ ਲਗਭਗ 500 ਸਾਲ ਪਹਿਲਾ ਗੁਰੂ ਨਾਨਕ ਸਾਹਿਬ ਜੀ ਦੱਸ ਗਏ ਜੋ ਕਿ ਗੁਰੂ ਗਰੰਥ ਸਾਹਿਬ ਜੀ ਵਿਚ ਦਰਜ਼ ਹੈ :-
" ਧੌਲੁ ਧਰਮੁ ਦਇਆ ਕਾ ਪੂਤੁ ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥ "
ਗੁਰੂ ਸਾਹਿਬ ਫੁਰਮਾਉਂਦੇ ਨੇ ਜਿਸਨੂੰ ਲੋਕ ਬਲਦ ਕਹਿੰਦੇ ਨੇ ਆਖਿਰ ਉਹ ਧਰਮ (ਨਿਯਮ) ਹੈ। ਜੋ ਕਿ ਦਇਆ ਦਾ ਪੁੱਤਰ ਹੈ ਭਾਵ ਕਿ ਅਕਾਲ ਪੁਰਖ ਨੇ ਆਪਣੀ ਮਿਹਰ ਕਰਕੇ ਸ੍ਰਿਸ਼ਟੀ ਨੂੰ ਟਿਕਾ ਰੱਖਣ ਲਈ ਧਰਮ ਰੂਪੀ ਨਿਯਮ ਬਣਾ ਦਿੱਤਾ ਹੈ। ਇਸ ਧਰਮ ਨੇ ਆਪਣੀ ਮਰਯਾਦਾ ਅਨੁਸਾਰ ਸੰਤੋਖ ਨੂੰ ਜਨਮ ਦਿੱਤਾ ਭਾਵ ਸੁਖ ਸ਼ਾਂਤੀ ਪੂਰਵਕ ਨਿਯਮਾਂ ਵਿਚ ਚੱਲਣਾ ਅਤੇ ਉਹਨਾਂ ਦੀ ਉਲੰਘਣਾ ਨਾ ਕਰਨੀ , ਜਿਸ ਨਾਲ ਸ੍ਰਿਸ਼ਟੀ ਵਿਚ ਟਿਕਾਉ ਬਣਿਆ ਹੈ। ਇਹ ਰਾਤਾਂ , ਰੁੱਤਾਂ , ਦਿਨ , ਵਾਰ , ਹਵਾ , ਪਾਣੀ , ਅੱਗ ਅਤੇ ਪਾਤਾਲ ਸਭ ਉਸ ਪ੍ਰਮਾਤਮਾ ਨੇ ਇਕ ਨਿਯਮ (ਧਰਮ) ਵਿਚ ਟਿਕਾ ਦਿੱਤੇ ਹਨ ਅਤੇ ਧਰਤੀ ਨੂੰ ਧਰਮ ਕਮਾਉਣ (ਚੰਗੇ ਕਰਮ ਅਤੇ ਨਾਮ ਜੱਪਣਾ) ਦਾ ਅਸਥਾਨ ਬਣਾਇਆ ਹੈ :-
" ਰਾਤੀ ਰੁਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥ "
ਫਿਲਹਾਲ ਧਰਮ ਦੇ ਨਾਮ ਤੋਂ ਲੋਕਾਂ ਨੂੰ ਭੜਕਾਉਣ ਵਾਲਿਆਂ ਲਈ ਅਜੇ ਇੰਨਾ ਗਿਆਨ ਹੀ ਕਾਫੀ ਹੈ ਅਤੇ ਜੇਕਰ ਉਹ ਖੁਦ ਸਮਝਣਾ ਚਾਹੁੰਦੇ ਨੇ ਤਾਂ ਗੁਰਬਾਣੀ ਪੜ੍ਹ ਕੇ ਵਿਚਾਰ ਕਰਕੇ ਜੀਵਨ ਉੱਪਰ ਲਾਗੂ ਜਰੂਰ ਕਰਿਓ। ਫਿਰ ਸਮਝ ਆ ਜਾਏਗੀ ਕਿ ਧਰਮ ਲੋਕਾਂ ਵਿਚ ਲੜਾਈਆਂ ਪਵਾਉਂਦਾ ਹੈ ਜਾਂ ਆਪਣੀ ਮੱਤ ਅਨੁਸਾਰ ਚੱਲਣ ਵਾਲਾ ਮਨੁੱਖ ? ਵੈਸੇ ਇਕ ਗੱਲ ਸਪਸ਼ਟ ਕਰ ਦਈਏ ਕਿ ਪ੍ਰਮਾਣੂ ਬੰਬ ਕਿਸੇ ਧਰਮ ਨੇ ਨਹੀਂ ਬਣਾਏ ਬਲਕਿ ਮਨੁੱਖ ਨੇ ਬਣਾਏ ਨੇ ਜੋ ਸਭ ਕੁਝ ਆਪਣੇ ਹੱਥ ਵੱਸ ਕਰਨਾ ਚਾਹੁੰਦਾ ਹੈ। ਬਸ ਇਸੇ ਕਰਕੇ ਅੱਜ ਮਨੁੱਖ ਹੀ ਮਨੁੱਖ ਦਾ ਦੁਸ਼ਮਣ ਬਣਿਆ ਹੋਇਆ ਏ। ਦਾਸ ਦੀ ਤਾਂ ਇਕ ਹੀ ਬੇਨਤੀ ਹੈ ਕਿ ਗੁਰਬਾਣੀ ਪੜ੍ਹੋ , ਵਿਚਾਰੋ ਅਤੇ ਜੀਵਨ ਉੱਪਰ ਲਾਗੂ ਕਰੋ ਅਤੇ ਦਾਸ ਨਾਲ ਵਿਚਾਰ ਜਰੂਰ ਕਰਿਆ ਕਰੋ ਤਾਂ ਜੋ ਦਾਸ ਨੂੰ ਕੁਝ ਨਵਾਂ ਸਿੱਖਣ ਨੂੰ ਮਿਲੇ। ਚਲਦਾ  ... #Khalsa_Empire

Monday 15 August 2016

ਆਜ਼ਾਦੀ ਆਖਿਰ ਕਹਿੰਦੇ ਕਿਹਨੂੰ ਏ ?

ਭਾਰਤ ਵਿਚ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਨੇ । ਸਭ ਦਾ ਵੱਖਰਾ ਰਹਿਣ ਸਹਿਣ ਅਤੇ ਭਾਸ਼ਾ ਹੋਣ ਕਰਕੇ ਉਹਨਾਂ ਨੂੰ ਵੱਖਰਾ ਰਾਜ ਦੇਣਾ ਭਾਰਤ ਦੇਸ਼ ਨੂੰ ਚਲਾਉਣ ਵਾਲੇ ਰਾਜਨੀਤਿਕਾਂ ਦੇ ਹੱਥ ਵਿਚ ਹੈ ਪਰ ਜੇਕਰ ਰਾਜਨੀਤਿਕ ਲੋਕ ਸਿਰਫ ਇਕ ਧਰਮ ਅਤੇ ਭਾਸ਼ਾ ਨੂੰ ਹੀ ਉੱਚਾ ਚੁੱਕਣ ਲੱਗ ਜਾਣ ਤਾਂ ਉਸ ਦੇਸ਼ ਨੂੰ ਮਿਲੀ ਆਜ਼ਾਦੀ ਕਿਸੇ ਕੰਮ ਦੀ ਨਹੀਂ । ਦਰਅਸਲ ਆਜ਼ਾਦੀ ਦੇਸ਼ ਨੂੰ ਨਹੀਂ , ਦੇਸ਼ ਵਿਚ ਰਹਿੰਦੇ ਲੋਕਾਂ ਨੂੰ ਮਿਲਣੀ ਚਾਹੀਦੀ ਸੀ ਤਾਂ ਜੋ ਉਹਨਾਂ ਨੂੰ ਕਿਸੇ ਧਾਰਮਿਕ ਮਸਲਿਆਂ , ਭਾਸ਼ਾ ਅਤੇ ਉਹਨਾਂ ਦੇ ਪਹਿਰਾਵੇ ਦੀ ਵਿਰੋਧਤਾ ਦਾ ਸਾਹਮਣਾ ਨਾ ਕਰਨਾ ਪੈਂਦਾ। ਆਜ਼ਾਦੀ ਮਿਲੀ ਨੂੰ 69 ਸਾਲ ਹੋ ਗਏ ਪਰ ਆਜ਼ਾਦੀ ਸਿਰਫ ਗੋਰਿਆਂ ਦੀ ਗੁਲਾਮੀ ਤੋਂ ਮਿਲੀ ਅਤੇ ਸੁਣਿਆ ਏ ਉਹ ਵੀ ਚਰਖਾ ਕੱਤਣ ਨਾਲ ਮਿਲ ਗਈ। ਸ਼ਹੀਦਾਂ ਨੇ ਜੋ ਸ਼ਹਾਦਤਾਂ ਦਿਤੀਆਂ ਆਜ਼ਾਦੀ ਵਾਸਤੇ ਉਹਨਾਂ ਦਾ ਨਾਮ ਸਾਹਮਣੇ ਹੀ ਨਈਂ ਆਉਣ ਦਿੱਤਾ ਗਿਆ। ਪਰ ਹਾਲਾਤ ਬਦਲਦੇ ਹੀ ਰਹਿੰਦੇ ਨੇ ਤੇ ਸੱਚ ਕਦੇ ਲੁਕਿਆ ਨਈਂ ਰਹਿੰਦਾ। ਆਜ਼ਾਦੀ ਗੋਰਿਆਂ ਤੋਂ ਮਿਲੀ ਪਰ ਗੁਲਾਮੀ ਦਾ ਸੰਗਲ ਦੁਬਾਰਾ ਲੋਕਾਂ ਦੇ ਗਲਾਂ ਵਿਚ ਪਾ ਦਿੱਤਾ ਗਿਆ। ਪਹਿਲਾ ਕਹਿੰਦੇ ਹੁੰਦੇ ਸੀ ਹਿੰਦੂ ਮੁਸਲਿਮ ਸਿੱਖ ਈਸਾਈ , ਆਪਸ ਵਿਚ ਨੇ ਭਾਈ ਭਾਈ। ਪਰ ਹੁਣ ਅਖਬਾਰਾਂ ਵਿਚ ਦਿਖਾਇਆ ਜਾਂਦਾ ਏ ਕਿ ਫਲਾਣੇ ਬੰਦੇ ਨੇ ਬਿਆਨ ਦਿੱਤਾ, " ਭਾਰਤ ਦੇਸ਼ ਸਿਰਫ ਹਿੰਦੂਆਂ ਦਾ ਹੈ ਅਤੇ 2020 ਤੱਕ ਇਸਨੂੰ ਪੂਰਨ ਹਿੰਦੂ ਰਾਜ ਬਣਾ ਦਿੱਤਾ ਜਾਵੇਗਾ ", ਹੁਣ ਸਵਾਲ ਇਹ ਉੱਠਦਾ ਹੈ ਕਿ ਜਿਹੜੇ ਲੋਕ ਇਹ ਬਿਆਨ ਦਿੰਦੇ ਨੇ ਉਹਨਾਂ ਉੱਪਰ ਕੋਈ ਕਾਨੂੰਨ ਲਾਗੂ ਕਿਉਂ ਨਹੀਂ ਹੁੰਦਾ ਤੇ ਉਹ ਸ਼ਰੇਆਮ ਘੁੰਮ ਰਹੇ ਨੇ।
ਆਜ਼ਾਦੀ ਦੇ ਜਸ਼ਨ ਮਨਾਉਣੇ ਨੇ ਤਾਂ ਆਜ਼ਾਦੀ ਦੇਸ਼ ਵਿਚ ਰਹਿੰਦੇ ਲੋਕਾਂ ਨੂੰ ਦਿਓ। ਉਹਨਾਂ ਨੂੰ ਇਹ ਹੱਕ ਦਿਓ ਕਿ ਉਹ ਆਪਣੇ ਧਰਮ , ਭਾਸ਼ਾ ਅਤੇ ਪਹਿਰਾਵੇ ਕਰਕੇ ਕਿਸੇ ਵਿਰੋਧਤਾ ਦਾ ਸ਼ਿਕਾਰ ਨਾ ਹੋਣ। ਜੇਕਰ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਦੇਸ਼ ਦੇ ਸੰਵਿਧਾਨ ਕਰਕੇ ਵਲੂੰਧਰੀਆਂ ਗਈਆਂ ਨੇ ਤਾਂ ਇਸ ਬਾਰੇ ਬੈਠ ਕੇ ਵਿਚਾਰ ਕੀਤੀ ਜਾਵੇ ਤੇ ਸੰਵਿਧਾਨ ਵਿਚ ਤਬਦੀਲੀ ਕੀਤੀ ਜਾਵੇ ਕਿਉਂਕਿ ਸੰਵਿਧਾਨ ਪਹਿਲਾ ਵੀ ਕਈ ਵਾਰ ਬਦਲਿਆ ਗਿਆ ਹੈ ਅਤੇ ਹੁਣ ਵੀ ਜਿਥੇ ਕੋਈ ਕਮੀ ਰਹਿੰਦੀ ਹੈ ਤਾਂ ਉਸਨੂੰ ਦੂਰ ਕੀਤਾ ਜਾਵੇ ਨਹੀਂ ਤਾਂ ਦੇਸ਼ ਭਗਤੀ ਦਾ ਦੋਗਲਾ ਨਾਟਕ ਬੰਦ ਕੀਤਾ ਜਾਵੇ। ਕਾਨੂੰਨ ਸਭ ਉੱਪਰ ਇਕੋ ਜਿਹਾ ਲਾਗੂ ਕੀਤਾ ਜਾਵੇ ਫਿਰ ਚਾਹੇ ਉਹ ਕੋਈ ਮੰਤਰੀ ਹੀ ਕਿਉਂ ਨਾ ਹੋਵੇ।
ਆਜ਼ਾਦੀ ਦੀ ਅਸਲੀ ਪਰਿਭਾਸ਼ਾ ਬਾਰੇ ਸਭ ਨੂੰ ਜਾਣੂ ਕਰਵਾਉਣਾ ਸਾਡਾ ਫਰਜ਼ ਹੈ ਕਿਉਂਕਿ ਆਜ਼ਾਦੀ ਲੋਕਾਂ ਨੂੰ ਮਿਲਦੀ ਹੁੰਦੀ ਏ ਅਤੇ ਅਜੇ ਤਾਂ ਇਥੇ ਭ੍ਰਿਸ਼ਟਾਚਾਰ ਦੇ ਖਿਲਾਫ ਬੋਲਣ ਵਾਲੇ ਨੂੰ ਜੇਲ੍ਹ ਦਾ ਦਰਵਾਜਾ ਹੀ ਬਹੁਤ ਜਲਦੀ ਦਿਖਾਇਆ ਜਾਂਦਾ ਏ। ਸਕੂਲਾਂ ਕਾਲਜਾਂ ਵਿਚ ਸਿਰਫ ਇਕ ਭਾਸ਼ਾ ਨੂੰ ਲਾਗੂ ਕਰਵਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਉਹਨਾਂ ਦੀ ਮਾਂ ਬੋਲੀ ਤੋਂ ਦੂਰ ਕੀਤਾ ਜਾ ਰਿਹਾ ਹੈ। ਆਪਣੀ ਮਰਜੀ ਅਨੁਸਾਰ ਸਭ ਚੀਜ਼ਾਂ ਲਾਗੂ ਕਰਵਾਉਣ ਵਿਚ ਹੀ ਕਿਹਾ ਜਾਂਦਾ ਏ ਕਿ ਦੇਸ਼ ਤਰੱਕੀ ਦੀ ਰਾਹ ਉੱਪਰ ਹੈ। ਦੇਸ਼ ਦੇ ਅੰਨ-ਦਾਤੇ ਖੁਦਕੁਸ਼ੀਆਂ ਕਰ ਰਹੇ ਨੇ ਪਰ ਦੇਸ਼ ਤਰੱਕੀ ਦੀ ਰਾਹ ਤੇ ਹੈ । ਨੌਜਵਾਨ ਨੌਕਰੀਆਂ ਤੋਂ ਵਾਂਝੇ ਨੇ ਅਤੇ ਨੌਕਰੀਆਂ ਦੇਣ ਵਿਚ ਸਿਰਫ ਸਿਫਾਰਸ਼ਾਂ ਵਾਲਿਆਂ ਨੂੰ ਪਹਿਲ ਦਿਤੀ ਜਾ ਰਹੀ ਹੈ , ਫਿਰ ਵੀ ਦੇਸ਼ ਤਰੱਕੀ ਦੀ ਰਾਹ ਤੇ ਹੈ। ਆਜ਼ਾਦ ਕਹਿਲਵਾਉਣ ਵਾਲੇ ਦੇਸ਼ ਵਿਚ ਲੋਕਾਂ ਦੀ ਸੋਚ ਨੂੰ ਗੁਲਾਮ ਬਣਾ ਕੇ ਰੱਖਣ ਵਾਲੇ ਦੇਸ਼ ਵਿਚ ਕਿਸ ਮੂੰਹ ਨਾਲ ਕਹਿ ਦਈਏ ਕਿ ਸਭ ਨੂੰ ਆਜ਼ਾਦੀ ਮਿਲ ਚੁਕੀ ਹੈ ??  #Khalsa_Empire

Sunday 14 August 2016

ਵੱਡੇ ਆਏ ਦੇਸ਼ ਭਗਤ !!

ਸਟੇਜਾਂ ਉੱਪਰ ਕਈ ਲੀਡਰ ਦੇਸ਼ ਭਗਤੀ ਦਾ ਭਾਸ਼ਣ ਦਿੰਦੇ ਫਿਰਦੇ ਨੇ। ਸਿਰਫ ਲੀਡਰ ਹੀ ਨਹੀ ਹੋਰ ਵੀ ਕਈ ਲੋਕ ਜਿਹੜੇ ਦੇਸ਼ ਭਗਤੀ ਦੀਆਂ ਗੱਲਾਂ ਕਰਕੇ ਇਹ ਸਾਬਿਤ ਕਰਨ ਦਾ ਦਿਖਾਵਾ ਕਰਨ ਤੇ ਜੋਰ ਦੇ ਰਹੇ ਨੇ ਕਿ ਉਹ ਅਸਲੀ ਦੇਸ਼ ਭਗਤ ਨੇ।
ਜਿਹੜੇ ਲੋਕ ਆਪਣੇ ਸ਼ਹੀਦਾਂ ਦੇ ਨਾਮ ਦਾ ਸਹਾਰਾ ਲੈ ਕੇ ਦੇਸ਼ ਭਗਤ ਹੋਣ ਦਾ ਸਿਰਫ ਦਿਖਾਵਾ ਕਰਦੇ ਨੇ ਉਹ ਦੂਸਰੇ ਪਖ ਵਿਚ ਦੇਖੇ ਜਾਣ ਤਾਂ ਸਭ ਕੁਝ ਆਪਣੀ ਮੁਠੀ ਚ ਕਰਨਾ ਚਾਹੁੰਦੇ ਨੇ। ਉਹ ਚਾਹੁੰਦੇ ਨੇ ਸਾਰਾ ਸਿਸਟਮ ਸਾਡੇ ਹਥ ਵਿਚ ਹੋਵੇ। ਪੈਸੇ ਅਤੇ ਫੋਕੀ ਬੱਲੇ-ਬੱਲੇ ਦੀ ਖਾਤਿਰ ਗਰੀਬਾਂ ਦਾ ਹੱਕ ਮਾਰਦੇ ਫਿਰਦੇ ਨੇ, ਉਹਨਾਂ ਉਪਰ ਅਤਿਆਚਾਰ ਕਰਦੇ ਨੇ ਤੇ ਗੱਲਾਂ ਦੇਸ਼ ਭਗਤੀ ਦੀਆਂ ਕਰਦੇ ਨੇ। ਦੇਸ਼ ਵਿਚ ਬੇਰੋਜ਼ਗਾਰੀ, ਰਿਸ਼ਵਤਖੋਰੀ, ਅਫਸਰਸ਼ਾਹੀ, ਮਹਿੰਗਾਈ, ਨਸ਼ੇ, ਦਹੇਜ ਦੀ ਬਲੀ ਚੜ ਰਹੀਆਂ ਆਪਣੇ ਹੀ ਦੇਸ਼ ਦੀਆਂ ਧੀਆਂ ਭੈਣਾਂ, ਘੱਟ ਗਿਣਤੀ ਵਾਲੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਿਹਾ ਖਿਲਵਾੜ ਅਤੇ ਉਹਨਾਂ ਨੂੰ ਸਿਰਫ ਇਕੋ ਧਰਮ ਅਪਣਾਉਣ ਦੀਆਂ ਮਿਲ ਰਹੀਆਂ ਧਮਕੀਆਂ ਵੱਲ ਧਿਆਨ ਦੇਣ ਦੀ ਬਜਾਏ ਭਾਸ਼ਣ ਉੱਪਰ ਜੋਰ ਦੇਣ ਵਾਲੇ ਲੀਡਰਾਂ ਅਤੇ ਉਹਨਾਂ ਲੋਕਾਂ ਨੂੰ ਮੈਂ ਇਹ ਪੁਛਣਾ ਚਾਹੁੰਦਾ ਕਿ ਇਹ ਕਿਥੋ ਦੀ ਦੇਸ਼ ਭਗਤੀ ਹੈ ਜੀ ??
ਦੇਸ਼ ਭਗਤੀ ਤਾਂ ਉਹ ਹੈ ਜਿਥੇ ਪੂਰੇ ਦੇਸ਼ ਦੇ ਹਰ ਇੱਕ ਖੇਤਰ ਦੇ ਵਿਕਾਸ ਬਾਰੇ ਸੋਚਿਆ ਜਾਵੇ , ਉਸ ਦੇਸ਼ ਵਿਚ ਰਹਿੰਦੇ ਹਰ ਧਰਮ ਦੇ ਲੋਕਾਂ ਨੂੰ ਬਰਾਬਰ ਦਾ ਸਨਮਾਨ ਦਿਤਾ ਜਾਵੇ। ਦੇਸ਼ ਭਗਤੀ ਤਾਂ ਉਹ ਹੈ ਜਿਥੇ ਦੂਜੇ ਦੇਸ਼ਾਂ ਨੂੰ ਨੀਵਾਂ ਦਿਖਾਉਣ ਦੀ ਬਜਾਏ ਆਪਣੇ ਦੇਸ਼ ਦੀ ਤਰੱਕੀ ਬਾਰੇ ਏਹੋ ਜਿਹੇ ਉਪਰਾਲੇ ਕੀਤੇ ਜਾਣ ਜਿਸ ਨਾਲ ਦੇਸ਼ ਚੜਦੀ ਕਲਾ ਵਾਲੇ ਪਾਸੇ ਜਾਵੇ। ਸਿਸਟਮ ਸਹੀ ਹੋਵੇਗਾ ਤਾਂ ਦੇਸ਼ ਦੇ ਲੋਕ ਲੀਡਰਾਂ ਬਾਰੇ ਏਹੋ ਜਿਹੀਆਂ ਗੱਲਾਂ ਨਹੀਂ ਕਰਨਗੇ ਜਿਸ ਨਾਲ ਕਿ ਉਹਨਾਂ ਲੋਕਾਂ ਉੱਪਰ ਝੂਠੇ ਦੇਸ਼ ਧ੍ਰੋਹੀ ਵਾਲੇ ਕੇਸ ਪੈਣੇ ਬੰਦ ਹੋ ਜਾਣਗੇ। ਨਸ਼ਿਆਂ ਉੱਪਰ ਲਿਖਦੇ ਨੇ ਕਿ ਇਹ ਸਿਹਤ ਲਈ ਹਾਨੀਕਾਰਕ ਨੇ ਤੇ ਫਿਰ ਉਹੀ ਨਸ਼ਿਆਂ ਨੂੰ ਵੇਚਣ ਅਤੇ ਵੰਡਣ ਦੀ ਸੇਵਾ ਵੀ ਇਹ ਲੀਡਰ ਲੋਕ ਖੁਦ ਅਦਾ ਕਰਦੇ ਨੇ। ਨੋਜਵਾਨਾਂ ਨੂੰ ਨੋਕਰੀ ਨਹੀਂ ਮਿਲ ਰਹੀ ਤੇ ਉਹ ਦੂਸਰੇ ਦੇਸ਼ਾਂ ਵਿਚ ਜਾ ਕੇ ਕੰਮ ਕਰਨ ਲਈ ਮਜਬੂਰ ਨੇ ਅਤੇ ਕਈ ਤਾਂ ਨਸ਼ਿਆਂ ਦੀ ਦਲਦਲ ਵਿਚ ਫਸ ਕੇ ਰਹਿ ਗਏ ਨੇ। ਹਰ ਇੱਕ ਪੜੇ ਲਿਖੇ ਇਨਸਾਨ ਨੂੰ ਮੋਕਾ ਮਿਲਣਾ ਚਾਹੀਦਾ ਹੈ ਆਪਣੇ ਦੇਸ਼ ਦੀ ਸੇਵਾ ਕਰਨ ਲਈ ਪਰ ਜੇ ਇਹੀ ਅਧਾਰ ਬਣਾ ਕੇ ਚਲੀ ਜਾਣਾ ਕਿ ਇਸ ਵਾਰ ਸਾਡਾ ਬੰਦਾ ਮੰਤਰੀ ਬਣਨਾ ਚਾਹੀਦਾ ਜਾਂ ਅਫਸਰ ਬਣਨਾ ਚਾਹੀਦਾ ਤਾਂ ਫਿਰ ਤਾਂ ਕਰ ਗਿਆ ਦੇਸ਼ ਤਰੱਕੀ !! ‪#‎Khalsa_Empire

Saturday 13 August 2016

ਲੜਾਈ ਦਾ ਮੂਲ ਕਾਰਨ ...

ਲੜਾਈ ਹਮੇਸ਼ਾ ਵਿਚਾਰਾਂ ਤੋਂ ਸ਼ੁਰੂ ਹੁੰਦੀ ਹੈ । ਜਦੋਂ ਕਿਸੇ ਦੂਸਰੇ ਦੇ ਵਿਚਾਰ ਆਪਣੇ ਉਲਟ ਹੋ ਜਾਣ ਤਾਂ ਉਦੋ ਹੀ ਉਹ ਵਿਚਾਰ ਲੜਾਈ ਦਾ ਰੂਪ ਧਾਰਨ ਕਰ ਲੈਂਦੇ ਨੇ , 6 ਜੂਨ 1984 ਵਿਚ ਵੀ ਕੁਝ ਅਜਿਹਾ ਹੀ ਹੋਇਆ ਸੀ ਪਰ ਸਰਕਾਰ ਦਾ ਜੋਰ ਅਤੇ ਕਈ ਮੀਡੀਆ ਵੱਲੋਂ ਬੋਲੀ ਗਈ ਸਰਕਾਰ ਦੀ ਬੋਲੀ ਦੁਆਰਾ ਵਿਚਾਰਾਂ ਦੀ ਲੜਾਈ ਨੂੰ ਹੋਰ ਹਾਲਾਤ ਬਣਾ ਕੇ ਪੇਸ਼ ਕੀਤਾ ਗਿਆ । ਪਰ ਝੂਠ ਕਦੇ ਲੁਕਿਆ ਨਹੀ ਰਹਿੰਦਾ ਅਤੇ ਅੱਜ ਸਭ ਕੁਝ ਸਾਹਮਣੇ ਆ ਚੁਕਾ ਹੈ ਕਿ ਉਦੋਂ ਲੜਾਈ ਵਿਚਾਰਾਂ ਦੀ ਸੀ ਜਾਂ ਸਰਕਾਰ ਵੱਲੋਂ ਦਿਖਾਏ ਜਾ ਰਹੇ ਝੂਠੇ ਹਾਲਾਤਾਂ ਦੀ । ਇਹ ਉਹ ਵਿਚਾਰਾਂ ਦੀ ਲੜਾਈ ਹੈ ਜੋ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਸ਼ੁਰੂ ਹੋ ਚੁਕੀ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਕਿ " ਨਾ ਹਮ ਹਿੰਦੂ ਨਾ ਮੁਸਲਮਾਨ " ਅਤੇ ਇਹੀ ਤੁਸੀਂ ਗੁਰਬਾਣੀ ਵਿਚ 1036 ਅੰਗ ਉੱਤੇ ਵੀ ਲਿਖਿਆ ਦੇਖ ਸਕਦੇ ਹੋ (ਇਸੇ ਗੱਲ ਦੀ ਵਿਚਾਰ ਸਰਕਾਰ ਅੱਗੇ ਰਖੀ ਗਈ ਸੀ ਕਿ ਤੁਸੀਂ ਧਾਰਾ 25 b ਵਿਚ ਸਿਖਾਂ ਨੂੰ ਕੇਸਾਧਾਰੀ ਹਿੰਦੂ ਲਿਖਿਆ ਹੋਣ ਕਰਕੇ ਉਸ ਧਾਰਾ ਨੂੰ ਖਤਮ ਕਰੋ ਪਰ ਵਿਚਾਰਾਂ ਦੀ ਲੜਾਈ ਨੂੰ ਕੋਈ ਹੋਰ ਮੋੜ ਦੇ ਕੇ ਜੋ ਹਾਲਤ ਦਿਖਾਏ ਗਏ ਉਸ ਹਾਲਾਤਾਂ ਨੇ ਤਾਂ ਸਿਖਾਂ ਦੇ ਹਿਰਦੇ ਹੀ ਵਲੂੰਧਰ ਕੇ ਰਖ ਦਿਤੇ) । ਵੱਖਰੀ ਸੋਚ ਅਤੇ ਵੱਖਰੀ ਪਹਿਚਾਣ ਕਰਕੇ ਗੁਰੂ ਸਾਹਿਬਾਨ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਕਰਕੇ ਇਹ ਵਿਚਾਰਾਂ ਦੀ ਲੜਾਈ ਨਿਰੰਤਰ ਜਾਰੀ ਰਹੀ ਅਤੇ ਭਿਅੰਕਰ ਰੂਪ ਧਾਰਨ ਕਰ ਗਈ ਜਿਸਦਾ ਨਤੀਜਾ 1984 ਵਿਚ ਹਰਿਮੰਦਰ ਸਾਹਿਬ ਉੱਪਰ ਹੋਏ ਤੀਜੇ ਹਮਲੇ ਦੇ ਰੂਪ ਵਿੱਚ ਸਾਹਮਣੇ ਆਇਆ ਪਰ ਇਸਨੂੰ ਪੇਸ਼ ਅਜਿਹੇ ਤਰੀਕੇ ਨਾਲ ਕੀਤਾ ਗਿਆ ਕਿ ਆਪਣੇ ਹੀ ਲੋਕਾਂ ਵਿੱਚ ਗਲਤਫਹਿਮੀਆਂ ਦਾ ਸਿਲਸਿਲਾ ਜਾਰੀ ਹੋ ਗਿਆ । ਇਹ ਗਲਤਫਹਿਮੀਆਂ ਨੂੰ ਇਕ-ਦਮ ਦੂਰ ਨਹੀਂ ਕੀਤਾ ਜਾ ਸਕਦਾ ਪਰ ਇਸ ਬਾਰੇ ਜਾਗਰੂਕ ਕਰਨਾ ਬਹੁਤ ਜਰੂਰੀ ਹੈ , ਇਸ ਨਾਲ ਸਾਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਕਿਸੇ ਨੂੰ ਇਸ ਗੱਲ ਨਾਲ ਦੁਖ ਪਹੁੰਚ ਰਿਹਾ ਹੈ ਕਿਉਂਕਿ ਸਚ ਕੋੜਾ ਹੁੰਦਾ ਹੈ ਤੇ ਚੁਭਦਾ ਤੇ ਹੈ ਹੀ , ਦਰਅਸਲ ਦੁਖ ਤਾ ਸਾਨੂੰ ਉਦੋਂ ਹੁੰਦਾ ਹੈ ਜਦੋ ਕੋਈ ਸਿਖਾਂ ਨੂੰ ਅੱਤਵਾਦੀ ਦਸਦਾ ਹੈ ਤੇ ਸ਼੍ਰੀ ਹਰਿਮੰਦਿਰ ਸਾਹਿਬ ਉੱਪਰ ਹੋਏ ਹਮਲੇ ਨੂੰ ਜਾਇਜ਼ ਠਹਿਰਾਉਂਦਾ ਹੈ । ਪ੍ਰਣਾਮ ਹੈ ਉਹਨਾਂ ਸ਼ਹੀਦਾਂ ਨੂੰ ਜਿਹਨਾ ਯੋਧਿਆਂ ਨੇ ਉਸ ਵਿਚਾਰਾਂ ਦੀ ਲੜਾਈ ਵਿਚ ਵਿਰੋਧੀਆਂ ਦਾ ਡਟ ਕੇ ਸਾਹਮਣਾ ਕੀਤਾ ਅਤੇ ਸ਼ਹਾਦਤ ਦਾ ਜਾਮ ਪੀਤਾ .... ‪#Khalsa_Empire

Thursday 11 August 2016

ਭਾਣਾ ਕੀ ਹੈ ??

ਭਾਗ -2 :    
ਅੱਜ ਅਸੀਂ ਇਸ ਬਾਰੇ ਵਿਚਾਰ ਕਰਾਂਗੇ ਕਿ ਭਾਣਾ ਕੀ ਹੈ ਜਿਵੇਂ ਕਿ ਤੁਸੀਂ ਦਾਸ ਦੀ ਪਹਿਲੀ ਪੋਸਟ ਦੇਖੀ ਜਿਸ ਵਿਚ ਜ਼ਿਕਰ ਕੀਤਾ ਸੀ ਕਿ ਸਿੱਖ ਦੀ ਅਸਲ ਪਹਿਚਾਣ ਕੀ ਹੈ ? 

ਦਰਅਸਲ ਸਿੱਖ ਦੀ ਸ਼ੁਰੂਆਤ ਹੀ ਭਾਣੇ ਤੋਂ ਹੁੰਦੀ ਹੈ। 
ਸਤਿਗੁਰੂ ਦਾ ਭਾਣਾ ਇਨਸਾਨ ਦੇ ਜਨਮ ਵੇਲੇ ਤੋਂ ਹੀ ਸ਼ੁਰੂ ਹੋ ਜਾਂਦਾ ਹੈ :-
" ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ ॥ "
ਜੰਮਣਾ ਮਰਨਾ ਸਭ ਉਸ ਪ੍ਰਮਾਤਮਾ ਦੇ ਹੁਕਮ ਵਿਚ ਹੈ ਪਰ ਇਨਸਾਨ ਨੂੰ ਪਤਾ ਹੁੰਦੇ ਹੋਏ ਵੀ ਉਹ ਆਪਣੇ ਕਰੀਬੀ ਦੇ ਮਰਨ ਸਮੇ ਵਿਰਲਾਪ ਕਰਦਾ ਹੈ। ਭਾਣੇ ਦੇ ਅਰਥ ਸਿਰਫ ਮੌਤ ਨਾਲ ਨਹੀਂ ਕੀਤੇ ਜਾ ਸਕਦੇ , ਭਾਣਾ ਤਾਂ ਮਨੁੱਖ ਦੀ ਜ਼ਿੰਦਗੀ ਦੇ ਹਰ ਪਲ ਨਾਲ ਜੁੜਿਆ ਹੋਇਆ ਹੈ ਜਿਵੇਂ ਕਿ ਉਪਰੋਕਤ ਸ਼ਬਦ ਜੋ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿਚ ਦਰਜ਼ ਹੈ , ਇਸ ਵਿਚ ਗੁਰੂ ਜੀ ਫੁਰਮਾ ਰਹੇ ਨੇ ਕਿ ਮਨੁੱਖ ਦਾ ਜਨਮ ਹੋਣਾ ਵੀ ਪ੍ਰਮਾਤਮਾ ਦੇ ਭਾਣੇ ਵਿਚ ਹੀ ਹੈ। 
ਭਾਣੇ ਨੂੰ ਹੁਕਮ ਵੀ ਕਿਹਾ ਜਾਂਦਾ ਹੈ ਕਿਉਂਕਿ ਜੋ ਕੁਝ ਵੀ ਹੈ ਸਭ ਪ੍ਰਮਾਤਮਾ ਦੇ ਹੁਕਮ ਜਾਂ ਕਹਿ ਲਉ ਕਿ ਭਾਣੇ ਵਿਚ ਹੀ ਹੈ :- 
" ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥ " 

ਬਦਕਿਸਮਤੀ ਨਾਲ ਅੱਜ ਮਨੁੱਖ ਉਸ ਪ੍ਰਮਾਤਮਾ ਦੇ ਹੁਕਮ ਨੂੰ ਸਮਝਣ ਦੀ ਬਜਾਏ ਹਉਮੈ ਵਿਚ ਹੀ ਭੱਜਿਆ ਫਿਰਦਾ ਹੈ ਤੇ ਸਮਝਦਾ ਹੈ ਕਿ ਕੁਦਰਤ ਉਸਦੇ ਸਹਾਰੇ ਹੀ ਚਲ ਰਹੀ ਹੈ। ਦਰਅਸਲ ਬ੍ਰਹਿਮੰਡ ਵਿਚ ਜੋ ਸੂਰਜ, ਤਾਰੇ , ਚੰਦਰਮਾ ਆਦਿ ਨੇ ਉਹ ਸਭ ਪ੍ਰਮਾਤਮਾ ਦੇ ਹੁਕਮ ਵਿਚ ਨੇ ਜਿਸ ਹੁਕਮ ਨੂੰ ਅੱਜ ਉਸ ਪ੍ਰਮਾਤਮਾ ਵੱਲੋਂ ਬਣਾਏ ਮਨੁੱਖ ਨੇ ਵਿਗਿਆਨ ਦਾ ਨਾਮ ਦੇ ਦਿਤਾ। ਇਨਸਾਨ ਨੂੰ ਉਸ ਪ੍ਰਮਾਤਮਾ ਦੀ ਤਾਕਤ ਦਾ ਪਤਾ ਵੀ ਹੈ ਪਰ ਪਤਾ ਹੁੰਦੇ ਹੋਏ ਵੀ ਕਾਦਰ ਦੀ ਕੁਦਰਤ ਨਾਲ ਖਿਲਵਾੜ ਕਰਨ ਨਾਲ ਜੋ ਨੁਕਸਾਨ ਹੋ ਰਿਹਾ ਹੈ ਉਹ ਕਿਸੇ ਕੋਲੋਂ ਲੁਕਿਆ ਨਹੀਂ। 
ਗੁਰੂ ਸਾਹਿਬਾਨ ਨੇ ਸਿੱਖ ਨੂੰ ਸਿਖਾਇਆ ਹੈ ਕਿ ਕਿਸੇ ਆਪਣੇ ਦੇ ਜਨਮ ਵੇਲੇ ਵੀ ਤੂੰ ਉਸ ਪ੍ਰਮਾਤਮਾ ਨੂੰ ਯਾਦ ਰੱਖੀ ਕਿ ਉਸਦੇ ਭਾਣੇ ਵਿਚ ਹੀ ਉਸਦਾ ਜਨਮ ਹੋਇਆ ਹੈ ਅਤੇ ਜੇਕਰ ਉਹ ਮਰ ਵੀ ਜਾਂਦਾ ਹੈ ਤਾਂ ਉਸਦੇ ਇਸ ਭਾਣੇ ਨੂੰ ਵੀ ਤੂੰ ਖਿੜੇ ਮੱਥੇ ਪ੍ਰਵਾਨ ਕਰ ਲਵੀਂ ਕਿਉਂਕਿ ਤੇਰੇ ਵਿਰਲਾਪ ਕਰਨ ਨਾਲ ਕੁਝ ਵੀ ਨਹੀਂ ਹੋਣਾ। ਭਾਣੇ ਵਿਚ ਰਹਿਣ ਵਾਲੇ ਦੇ ਅੰਦਰ ਸਬਰ ਤੇ ਸੰਤੋਖ ਪੈਦਾ ਹੁੰਦਾ ਹੈ ਜੋ ਉਸਨੂੰ ਰਜ਼ਾ ਵਿਚ ਰਹਿਣ ਦੇ ਲਈ ਸਹਾਇਕ ਹੁੰਦਾ ਹੈ। ਸਬਰ ਕਰ ਲੈਣ ਵਿਚ ਹੀ ਮਨੁੱਖ ਦੀ ਭਲਾਈ ਹੈ ਕਿਉਂਕਿ ਅਸੀਂ ਸਾਰੀ " ਜ਼ਿੰਦਗੀ " ਇਕ ਦੁੱਖ ਦੇ ਕਰਕੇ ਵਿਅਰਥ ਨਹੀਂ ਗੁਆ ਸਕਦੇ। ਇਹ ਮਨੁੱਖਾ ਜੀਵਨ 84 ਲੱਖ ਜੂਨਾਂ ਤੋਂ ਬਾਅਦ ਮਿਲਿਆ ਹੈ ਅਤੇ ਜੇਕਰ ਇਸ ਨੂੰ ਵਿਅਰਥ ਗੁਆ ਬੈਠੇ ਤਾਂ ਜੂਨਾਂ ਦੇ ਗੇੜ ਵਿਚ ਹੀ ਭਟਕਣਾ ਪਵੇਗਾ। ਗੁਰੂ ਸਾਹਿਬਾਨ ਤਾਂ ਕਹਿੰਦੇ ਨੇ ਉਹੀ ਸਿੱਖ ਮੇਰਾ ਸਕਾ ਰਿਸ਼ਤੇਦਾਰ , ਸੱਜਣ , ਦੋਸਤ ਹੈ ਜੋ ਗੁਰੂ ਦੇ ਭਾਣੇ ਵਿਚ ਆਉਂਦਾ ਹੈ :- 
" ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥ "

ਇਥੇ ਗੁਰੂ ਸਾਹਿਬਾਨ ਨੇ ਇਹ ਵੀ ਕਿਹਾ ਹੈ, ਜੋ ਆਪਣੇ ਭਾਣੇ ਵਿਚ ਚਲਦਾ ਹੈ ਉਹ ਪ੍ਰਮਾਤਮਾ ਤੋਂ ਵਿੱਛੜ ਕੇ ਚੋਟਾਂ ਖਾਂਦਾ ਹੈ। ਇਥੇ ਚੋਟਾਂ ਖਾਣ ਦਾ ਮਤਲਬ ਹੈ ਜਨਮ ਮਰਨ ਦੇ ਗੇੜ ਵਿਚ ਭਟਕਦੇ ਰਹਿਣਾ, ਜਿਸ ਕਰਕੇ ਉਹ ਦੁੱਖ ਸਹਾਰਦਾ ਹੈ। ਇਹ ਆਪਣੇ ਹੱਥ ਹੈ ਕਿ ਆਪਾਂ ਉਸ ਪ੍ਰਮਾਤਮਾ ਦੇ ਸੱਚੇ ਸਿੱਖ ਬਣਨਾ ਹੈ ਜਾਂ ਆਪਣੇ ਭਾਣੇ ਵਿਚ ਚਲਣ ਵਾਲਾ ਮਨਮੁਖ ??
ਕੇਸ-ਦਾਹੜੀ ਕੱਟਣ ਵਾਲਾ ਮਨੁੱਖ ਵੀ ਮਨਮੁਖ ਹੈ ਕਿਉਂਕਿ ਉਹ ਉਸਦੇ ਭਾਣੇ ਵਿਚ ਮਿਲਣ ਵਾਲੀ ਵਡਮੁੱਲੀ ਦਾਤ ਨੂੰ ਆਪਣੇ ਸਵਾਰਥ ਲਈ ਕਟਵਾ ਦਿੰਦਾ ਹੈ ਤੇ ਬਹਾਨੇ ਬਣਾਉਣ ਵਿਚ ਵੀ ਤਿਆਰ ਬਰ ਤਿਆਰ ਰਹਿੰਦਾ ਹੈ। ਇਸ ਸਰੀਰ ਦੀ ਸੁੰਦਰਤਾ ਵਾਸਤੇ ਬੀਬੀਆਂ ਅਤੇ ਵੀਰ ਦੋਨੋ ਹੀ ਜ਼ੋਰਾਂ ਸ਼ੋਰਾਂ ਨਾਲ ਉਸ ਪ੍ਰਮਾਤਮਾ ਵੱਲੋਂ ਦਿਤੀ ਦੇਣ ਨੂੰ ਬਿਨਾ ਕੁਝ ਸੋਚੇ ਸਮਝੇ ਕਟਵਾ ਕੇ ਰੱਖ ਦਿੰਦੇ ਨੇ ਪਰ ਗੁਰੂ ਸਾਹਿਬ ਫਰਮਾਉਂਦੇ ਨੇ :- 
" ਗਰਬੁ ਕਰਤੁ ਹੈ ਦੇਹ ਕੋ ਬਿਨਸੈ ਛਿਨ ਮੈ ਮੀਤ ॥ "
ਗੁਰੂ ਸਾਹਿਬਾਨ ਨੇ ਸਾਨੂੰ ਸਭ ਕੁਝ ਸਿਖਾਇਆ ਹੈ ਪਰ ਸਾਡੀ ਇਹ ਬਦਕਿਸਮਤੀ ਹੈ ਕਿ ਅਸੀਂ ਉਹਨਾਂ ਵੱਲੋਂ ਸਿਖਾਈ ਇਕ ਵੀ ਸਿਖਿਆ ਆਪਣੇ ਜੀਵਨ ਉੱਪਰ ਲਾਗੂ ਨਹੀਂ ਕੀਤੀ। ਉਸਦੇ ਭਾਣੇ ਵਿਚ ਚੱਲਣ ਦੀ ਬਜਾਏ ਅਸੀਂ ਦੁਨੀਆ ਦੇ ਭਾਣੇ ਵਿਚ ਚੱਲਣ ਲੱਗ ਗਏ ਹਾਂ। ਸਭ ਜਾਣਦੇ ਹੋਏ ਕਿ ਸਭ ਕੁਝ ਸਥਿਰ ਨਹੀਂ ਰਹਿਣਾ ਪਰ ਅਸੀਂ ਫਿਰ ਵੀ ਸਮਝਦੇ ਨਹੀਂ ਤੇ ਗੁਰੂ ਸਾਹਿਬਾਨ ਸਾਨੂੰ ਬਾਰ ਬਾਰ ਸਮਝਾ ਰਹੇ ਨੇ :-
" ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥
ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥ "

ਹੁਣ ਉਸ ਗੁਰੂ ਦੇ ਹੁਕਮ (ਭਾਣੇ) ਨੂੰ ਮੰਨਣਾ ਜਾਂ ਨਹੀਂ ਮੰਨਣਾ ਇਹ ਸਭ ਆਪਣੇ ਹੱਥ ਹੈ। ਦਾਸ ਤਾਂ ਸਿਰਫ ਇਹੀ ਬੇਨਤੀ ਕਰ ਸਕਦਾ ਹੈ ਕਿ ਗੁਰੂ ਦੀ ਰਜ਼ਾ ਵਿਚ ਰਹਿਣਾ ਸਿੱਖ ਲਵੋ ,ਸਭ ਅਨੰਦ ਹੀ ਅਨੰਦ ਹੈ। 
ਅੱਗੇ ਕੋਈ ਨਵਾਂ ਵਿਸ਼ਾ ਤੁਹਾਡੇ ਸਨਮੁਖ ਰੱਖਾਂਗੇ ਅਤੇ ਇਸ ਵਿਸ਼ੇ ਉੱਪਰ ਕੋਈ ਵਿਚਾਰ ਚਰਚਾ ਕਰਨੀ ਹੋਵੇ ਤਾਂ ਮੈਸਜ ਕਰ ਲੈਣਾ। ਚਲਦਾ .... ‪#Khalsa_Empire

Monday 8 August 2016

ਸਿੱਖ ਦੀ ਪਹਿਚਾਣ !!

ਭਾਗ - 1  :- 
ਅਸਲੀ ਸਿੱਖ ਦੀ ਪਹਿਚਾਣ ਕਰਨਾ ਅੱਜ ਦੇ ਸਮੇ ਵਿਚ ਬਹੁਤ ਮੁਸ਼ਕਿਲ ਹੋ ਗਿਆ ਹੈ। ਜਿਵੇਂ ਸ਼ੇਰ ਦਾ ਲਿਬਾਸ ਪਹਿਨਣ ਨਾਲ ਭੇਡ ਸ਼ੇਰ ਨਹੀਂ ਬਣ ਜਾਂਦੀ ਉਵੇਂ ਹੀ ਪੱਗ ਬੰਨ ਕੇ ਅਤੇ ਨਾਮ ਦੇ ਪਿੱਛੇ ਸਿੰਘ ਲਗਾ ਕੇ ਕੋਈ ਸਿੱਖ ਨਹੀਂ ਬਣ ਜਾਂਦਾ। ਸਿੱਖ ਬਣਨ ਦੇ ਕੁਝ ਨਿਯਮ ਨੇ ਜੋ ਕੁਦਰਤ ਵੱਲੋਂ ਨਿਸ਼ਚਿਤ ਕੀਤੇ ਗਏ ਨੇ ਅਤੇ ਕੁਝ ਗੁਰੂ ਸਾਹਿਬਾਨ ਨੇ ਨਿਸ਼ਚਿਤ ਕੀਤੇ ਹਨ ਜਿਵੇਂ ਕਿ ਸਿੱਖ ਕਦੇ ਦਾਹੜੀ ਕੇਸ ਨਹੀਂ ਕੱਟਦਾ ਅਤੇ ਗੁਰਬਾਣੀ ਅਨੁਸਾਰ ਉਹ ਗੁਰੂ ਦੇ ਭਾਣੇ ਵਿਚ ਚਲਦਾ ਹੈ। ਭਾਣੇ ਵਿਚ ਚੱਲ ਕੇ ਭਾਣਾ ਮੰਨ ਲੈਣਾ ਹੀ ਸਿੱਖ ਦਾ ਅਸਲੀ ਫਰਜ਼ ਹੈ ਕਿਉਂਕਿ ਦੁਨੀਆ ਉੱਪਰ ਜੋ ਕੁਝ ਵੀ ਆਇਆ ਹੈ ਉਸ ਸਭ ਦਾ ਅੰਤ ਨਿਸ਼ਚਿਤ ਹੈ
ਅਤੇ ਇਹ ਆਪਾਂ ਸਭ ਜਾਣਦੇ ਹਾਂ ਪਰ ਫਿਰ ਵੀ ਉਸ ਪ੍ਰਮਾਤਮਾ ਦੇ ਭਾਣੇ ਨੂੰ ਅਸੀਂ ਨਕਾਰ ਦਿੰਦੇ ਹਾਂ ਤੇ ਉਸ ਨੂੰ ਦੋਸ਼ ਦੇਣ ਲੱਗ ਜਾਂਦੇ ਹਾਂ ਜੋ ਕਿ ਸਿੱਖੀ ਦੇ ਉਲਟ ਹੈ। ਗੁਰੂ ਸਾਹਿਬ ਨੇ ਸਾਨੂੰ ਇਕ ਵੱਖਰਾ ਸਰੂਪ ਬਖਸ਼ਿਆ ਪਰ ਅਸੀਂ ਉਸ ਸਰੂਪ ਦੀ ਕਦਰ ਨਹੀਂ ਕੀਤੀ ਅਤੇ ਆਪਣੇ ਗੁਰੂ ਦੇ ਉਸ ਭਾਣੇ ਦੇ ਉਲਟ ਚਲਣ ਲੱਗ ਗਏ ਅਤੇ ਅਮ੍ਰਿਤ ਛਕਣ ਤੋਂ ਮੂੰਹ ਫੇਰ ਕੇ ਅਸੀਂ ਆਪਣੀ ਅਲੱਗ ਹੀ ਜ਼ਿੰਦਗੀ ਜਿਉਣ ਲੱਗ ਗਏ ਹਾਂ ਅਤੇ ਅਕਸਰ ਇਹੀ ਕਹਿੰਦੇ ਹਾਂ ਕਿ ਬੱਸ ਦਿਲ ਸਾਫ ਰੱਖੋ। ਕਈ ਤਾਂ ਉਦਾਹਰਨਾਂ ਹੀ ਬਹੁਤ ਦਿੰਦੇ ਨੇ ਦੂਸਰਿਆਂ ਦੀਆਂ , ਕਹਿੰਦੇ ਰਹਿਣਗੇ ਜੀ ਅਖੇ ਫਲਾਣਾ ਅਮ੍ਰਿਤਧਾਰੀ ਗ਼ਲਤ ਕੰਮ ਕਰਦਾ ਆ, ਉਹ ਤਾਂ ਸ਼ਰਾਬ ਵੀ ਪੀਂਦਾ , ਮੀਟ ਵੀ ਖਾਂਦਾ ", ਅਸੀਂ ਇਹ ਸਭ ਤਾਂ ਨਹੀਂ ਕਰਦੇ ਬੱਸ ਦਿਲ ਸਾਫ ਰੱਖੋ ਅਮ੍ਰਿਤ ਛਕਣ ਦੀ ਲੋੜ ਨਹੀਂ। ਇਸ ਗੱਲ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਿਆਂ ਦਾ ਆਪਣੇ ਗੁਰੂ ਉੱਪਰ ਕਿੰਨਾ ਵਿਸ਼ਵਾਸ਼ ਹੈ। ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਤੂੰ ਆਪਣੇ ਕਰਮ ਆਪ ਕਰਨੇ ਆ ਤੇ ਤੈਨੂੰ ਉਹਨਾਂ ਕਰਮਾਂ ਦਾ ਹੀ ਫਲ ਮਿਲਣਾ ਆ , ਤੈਨੂੰ ਜੋ ਗੁਰੂ ਸਾਹਿਬ ਨੇ ਕਿਹਾ ਕਰਨ ਲਈਂ ਤੂੰ ਉਹ ਕਰ ਤਾਂ ਸਹੀ , ਜੋ ਸਰੂਪ ਤੈਨੂੰ ਬਖਸ਼ਿਆ ਆ ਤੂੰ ਉਸ ਸਰੂਪ ਵਿਚ ਆਪਣੇ ਆਪ ਨੂੰ ਢਾਲ ਤਾਂ ਸਹੀ ਪਰ ਅਫਸੋਸ ਅੱਜ ਪੱਗ ਤਾਂ ਬੰਨੀ ਹੋਈ ਹੈ ਪਰ ਗੁਰੂ ਬਦਲ ਗਏ ਸਭ ਦੇ। ਕੋਈ ਨਹੀਂ ਕਹਿੰਦਾ ਮੈਂ ਸਿੱਖ ਹਾਂ ਸਭ ਕਹਿੰਦੇ ਨੇ ਮੈਂ ਮਿਸ਼ਨਰੀ ਆ ,ਮੈਂ ਟਕਸਾਲੀ ਆ , ਮੈਂ ਡੇਰੇ ਵਾਲਿਆਂ ਦਾ ਸ਼ਗਿਰਦ ਆ , ਮੈਂ ਮਸਤਾਂ ਦੀ ਕੰਜਰੀ ਆ , ਮੈਂ ਰਾਧਾ ਸਵਾਮੀ ਆ , ਮੈਂ ਨਿਰੰਕਾਰੀ ਆ , ਮੈਂ ਫਲਾਣੇ ਬਾਬੇ ਦਾ ਚੇਲਾ ਆ। ਇਹਨਾਂ ਵਿਚ ਸਭ ਦੇ ਤਾਂ ਨਹੀਂ ਪਰ ਕੁਝ ਬੰਦਿਆ ਦੇ ਪੱਗ ਬੰਨੀ ਹੋਈ ਮਿਲ ਜਾਵੇਗੀ ਤੇ ਬਹੁਤੇ ਇਹ ਵੀ ਕਹਿਣਗੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਪਰ ਕਦੇ ਇਹ ਨਹੀਂ ਕਹਿਣਗੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਨਦੇ ਹਾਂ। ਮੈਂ ਕਿਸੇ ਬਾਰੇ ਗ਼ਲਤ ਨਹੀਂ ਲਿਖ ਰਿਹਾ ਬਸ ਜੋ ਸੱਚ ਹੈ ਓਹੀ ਪੇਸ਼ ਕਰ ਰਿਹਾ ਕਿਉਂਕਿ ਸਮਾਜ ਵਿਚ ਜੋ ਕੁਝ ਵੀ ਚਲ ਰਿਹਾ ਹੈ ਉਸ ਬਾਰੇ ਲਿਖਣ ਨੂੰ ਨਿੰਦਾ ਨਹੀਂ ਕਹਿੰਦੇ। ਸਿੱਖ ਅਖਵਾਉਣ ਵਾਲਾ ਕਦੇ ਰੌਲਾ ਨਹੀਂ ਪਾਉਂਦਾ , ਓਹਦੇ ਬਾਰੇ ਤਾਂ ਇਥੋਂ ਪਤਾ ਚਲ ਹੀ ਜਾਂਦਾ ਹੈ ਕਿ ਉਹ ਗੁਰੂ ਦੇ ਭਾਣੇ ਵਿਚ ਚਲਦਾ ਹੈ ਵੀ ਜਾਂ ਨਹੀਂ। ਬਾਕੀ ਰਹੀ ਗੱਲ ਬਾਬਿਆਂ ਦੇ ਚੇਲਿਆਂ ਦੀ ਜੋ ਭੇਸ ਤਾਂ ਸਿੱਖੀ ਵਾਲਾ ਬਣਾ ਕੇ ਫਿਰਦੇ ਨੇ ਅਤੇ ਨਾਮ ਪਿੱਛੇ ਸਿੰਘ ਵੀ ਲਗਾਉਂਦੇ ਨੇ ਉਹ ਜਰਾ ਇਤਿਹਾਸ ਫਰੋਲ ਕੇ ਦੇਖ ਲੈਣ ਜਿਹੜਾ ਇਤਿਹਾਸ ਖੂਨ ਨਾਲ ਲਿਖਿਆ ਗਿਆ ਹੈ ਅਤੇ ਜਿਸ ਵਿੱਚੋ ਸਿੱਖੀ ਦੀ ਮਹਿਕ ਆਉਂਦੀ ਹੈ। ਉਹ ਇਤਿਹਾਸ ਡੇਰੇ ਵਿਚ ਬੈਠੇ ਬਾਬਿਆਂ ਨੇ ਨਹੀਂ ਬਲਕਿ ਅਮ੍ਰਿਤ ਛਕਣ ਵਾਲੇ, ਗੁਰੂ ਦੇ ਭਾਣੇ ਵਿਚ ਚਲਣ ਵਾਲਿਆਂ ਨੇ ਹੀ ਸਿਰਜਿਆ ਹੈ। ਗੁਰਬਾਣੀ ਵਿੱਚੋ ਕੁਝ ਸ਼ਬਦ ਆਪਣੇ ਮਤਲਬ ਲਈ ਕੱਢ ਲੈਣ ਵਾਲੇ ਨੂੰ ਗੁਰੂ ਦਾ ਸਿੱਖ ਅਖਵਾਉਣ ਦਾ ਹੱਕ ਹੈ ਜਾਂ ਨਹੀਂ ਇਹ ਉਹ ਲੋਕ ਆਪ ਦੇਖਣ ਜੋ ਅਜੇ ਮੇਰੇ ਵਾਂਗੂ ਸਿੱਖੀ ਦੀ ਪਹਿਲੀ ਪੌੜੀ ਵੀ ਨਹੀਂ ਚੜੇ ਹੁੰਦੇ ਤੇ ਆਪਣੇ ਆਪ ਨੂੰ ਵਿਧਵਾਨ ਸਮਝਣ ਲੱਗ ਜਾਂਦੇ ਨੇ। ਗੁਰੂ ਦਾ ਭਾਣਾ ਆਖਿਰ ਕੀ ਹੈ ਇਸ ਬਾਰੇ ਵਿਚਾਰ ਅੱਗੇ ਵਾਲੀ ਪੋਸਟ ਵਿਚ ਜਰੂਰ ਲਿਖਾਂਗੇ ਅਗਰ ਗੁਰੂ ਸਾਹਿਬ ਨੇ ਚਾਹਿਆ ... ਹੁਣ ਚਲਦਾ ....‪#‎Khalsa_Empire